Thursday, October 27, 2011

ਪੰਜਾਬ ਦੇ ਲੋਕ ਗੀਤਾਂ ਦੀ ਖੁਸ਼ਬੂ ...

ਪੰਜਾਬ ਦੇ ਲੋਕ-ਗੀਤ


    ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਸੁੱਤ-ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰਾਂ ਝਰਕੇ, ਲੋਕ ਚੇਤਿਆਂ ਦਾ ਅੰਗ ਬਣਦੇ ਹੋਏ ਪੀੜੀ-ਦਰ-ਪੀੜੀ ਅਗੇਰੇ ਪਹੁੰਚਦੇ ਹਨ। ਇਹ ਕਿਸੇ ਕੌਮ ਦਾ ਅਣਵੰਡਿਆ ਕੀਮਤੀ ਸਰਮਾਇਆ ਹੁੰਦੇ ਹਨ। ਕਿਸੇ ਬੋਲੀ ਦੇ ਸਾਹਿਤ ਦੀ ਇਹ ਅਜਿਹੀ ਪਲੇਠੀ ਕਿਰਤ ਹੁੰਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਅਵਚੇਤਨ ਮਨ ਦੀਆਂ ਆਪ-ਮੁਹਾਰੀਆ ਛੱਲਾਂ ਲੈ-ਬੱਧ ਰੂਪ ਧਾਰਦੀਆਂ ਰਹਿੰਦੀਆਂ ਹਨ। ਇਹ ਕੌਮਾਂ ਦੇ ਹਿਰਦਿਆਂ ਅੰਦਰ ਸਾਂਝ ਤੇ ਅੱਪਣਤ ਦੀ ਵਗਦੀ ਸਾਂਝੀ ਰੌਂ ਨੂੰ ਪੁਨਰ ਸਰਜੀਤ ਕਰਨ ਤੇ ਲੋਕਾਂ ਨੂੰ ਸਾਂਝੀ -ਸੱਭਿਆਚਾਰਿਕ ਕੜੀ ਤੇ ਭਾਵਕ ਏਕਤਾ ਵਿੱਚ ਬੰਨ੍ਹੀ ਰੱਖਣ ਦਾ ਸਾਰਥਕ ਰੋਲ ਦਾ ਕਰਦੇ ਹਨ।

    ਮਨੁੱਖੀ ਸੱਭਿਆਚਾਰ ਨਾਲ ਇਹਨਾਂ ਦਾ ਰਿਸ਼ਤਾ ਬੜਾ ਕਦੀਮੀ ਹੈ। ਸੱਭਿਆਚਾਰ ਦੀ ਸਾਂਝੀ ਸੋਚ, ਸਾਂਝੇ ਵਲਵਲਿਆਂ ਤੇ ਪਰੰਪਰਾਗਤ ਰਹਿਣੀ -ਬਹਿਣੀ ਦੇ ਅਨੇਕਾਂ ਸਜੀਵ ਚਿੱਤਰ ਇਹਨਾਂ ਵਿੱਚੋਂ ਝਲਕਾਂ ਮਾਰਦੇ ਹਨ। ਮਨੁੱਖੀ ਸੱਭਿਆਚਾਰ ਅਤੇ ਮਾਨਵੀ ਹਿਰਦਿਆਂ ਦੇ ਇਹ ਇਤਨਾ ਕਰੀਬ ਹਨ ਕਿ ਵਸ਼ਿਸ਼ਟ ਸਾਹਿਤ, ਜਿਨ੍ਹਾਂ ਵਿਸ਼ਿਆ ਨੂੰ ਕਈ ਵਾਰ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ, ਉਹਨਾਂ ਨੂੰ ਵੀ ਇਹਨਾਂ ਲੋਕ ਗੀਤਾ ਵਿੱਚ ਜ਼ਬਾਨ ਮਿਲ ਜਾਂਦੀ ਹੈ।

    ਲੋਕ-ਗੀਤ ਲੋਕ-ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿਤਨੀ ਬਹੁਰੰਗੀ ਤੇ ਵੰਨ-ਸੁਵੰਨੀ ਝਾਂਕੀ ਲੋਕ-ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ-ਰੂਪ ਵਿੱਚ ਆਪਣਾ ਪ੍ਰਗਟਾਉ ਨਹੀਂ ਲੱਭ ਸਕਦੀ। ਲੋਕ-ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨਿਕਟੀ ਸਾਂਝ ਦਾ ਸਦਕਾ ਹੀ ਲੋਕ-ਗੀਤਾਂ ਦੀ ਫੁੱਲਕਾਰੀ ਦਾ ਇੱਕ-ਇੱਕ ਧਾਗਾ ਸੱਭਿਆਚਾਰਿਕ ਕਦਰਾਂ-ਕੀਮਤਾਂ ਤੇ ਰਸਮਾ ਨਾਲ ਪਰੁੱਤਿਆ ਪਿਆ ਹੈ। ਇਨਸਾਨ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਸ਼ਾਇਦ ਹੀ ਸਾਡੀ ਰਹਿਣੀ-ਬਹਿਣੀ ਦਾ ਕੋਈ ਅਜਿਹਾ ਮੌਕਾ ਹੋਵੇ ਜਿਸ ਸੰਬੰਧੀ ਲੋਕ-ਗੀਤ ਆਪਣਾ ਸਾਥ ਨਾ ਪਾਲਦੇ ਹੋਣ। ਖ਼ਸ਼ੀ-ਗ਼ਮੀ, ਜੰਮਣ-ਮਰਨ, ਮੇਲ-ਵਿਛੋੜੇ, ਰੁੱਤਾਂ-ਥਿੱਤਾਂ, ਦਿਨਾ-ਦਿਹਾਰਾਂ, ਰੀਤੀ-ਰਿਵਾਜਾਂ ਤੇ ਹੋਰ ਸਮਜਿਕ ਕਾਰਾਂ-ਵਿਹਾਰਾਂ ਵਿੱਚ ਲੋਕ ਗੀਤ ਮਨੁੱਖ ਦੇ ਅੰਗ-ਸੰਗ ਰਹਿੰਦੇ ਹਨ। ਇਸ ਕਰਕੇ ਹੀ ਇਹਨਾਂ ਨੂੰ ਲੋਕ -ਸੱਭਿਆਚਾਰ ਦਾ ਜਖ਼ੀਰਾ ਮੰਨਿਆ ਜਾਂਦਾ ਹੈ।

    ਇਤਹਾਸਿਕ ਤੌਰ ਤੇ ਲੋਕ-ਗੀਤਾਂ ਦੀ ਸਿਰਜਣਾ, ਉਦੋਂ ਤੋਂ ਆਰੰਭ ਹੋਈ ਜਦੋਂ ਮਨੁੱਖ ਨੇ 'ਭਾਸ਼ਾ ਬੋਲਦੇ' ਸਮਾਜ ਵਿੱਚ ਰਿਸ਼ਤੇ-ਨਾਤਿਆਂ ਦੇ ਸੰਸਾਰ ਵਿੱਚ ਰਹਿਣ-ਸਹਿਣ ਸ਼ੁਰੂ ਕੀਤਾ। ਮੁੱਢਲੇ ਸਮੇਂ ਵਿੱਚ ਇਹ ਨਾਚ ਅਤੇ ਸੰਗੀਤ ਵਰਗੀਆਂ ਕਲਾਵਾਂ ਨਾਲ ਸਾਂਝੇ ਰੂਪ ਵਿੱਚ ਹੋਂਦ ਵਿੱਚ ਆਏ। ਮਨੱਖੀ ਕਿਰਤ ਦੇ ਹੁੰਗਾਰਿਆ ਵਜੋਂ ਇਹ ਮਨੁੱਖ ਦੇ ਦੁੱਖ-ਸੁੱਖ, ਤੰਗੀਆ-ਤੁਰਸ਼ੀਆ, ਰੀਝਾਂ, ਵਲਵਲਿਆਂ, ਮੇਲੇ-ਵਿਛੋੜਿਆਂ ਅਤੇ ਹਾਸਿਆਂ-ਰੋਸਿਆ ਦਾ ਸਭ ਤੋਂ ਪਹਿਲਾ ਪ੍ਰਗਟਾਉ ਮਾਧੀਅਮ ਬਣੇ, ਇਹਨਾਂ ਦੀ ਸਿਰਜਨਾ ਪਿੱਛੇ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਤੀਰਾ ਕਾਰਜਸ਼ੀਲ ਹੁੰਦਾ ਹੈ ਜਿਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ।

    ਇਹਨਾਂ ਦੀ ਸਿਰਜਨਾ ਦੇ ਸੰਬੰਧ ਵਿੱਚ ਇਹ ਆਮ ਭੁੱਲੇਖਾ ਹੈ ਕਿ ਲੋਕ-ਗੀਤਾਂ ਦੀ ਸਿਰਜਣਾ ਸ਼ਾਇਦ 'ਜਨ ਸਮੂਹ' ਜਾਂ 'ਲੋਕ' ਕਰਦਾ ਹੈ ਪਰ ਹਕੀਕਤ ਇਹ ਹੈ ਕਿ ਕੋਈ ਵੀ ਗੀਤ ਰਚਨਾ, ਲੋਕ ਸਮੂਹ ਨਹੀਂ ਰਚਦਾ ਸਗੋਂ ਹਰ ਲੋਕ ਗੀਤ ਸਿਰਜਣਾ ਵਿਅਕਤੀਗਤ ਕਿਰਤ ਹੁੰਦੀ ਹੈ। ਇਤਨਾ ਜ਼ਰੂਰ ਹੈ ਕਿ ਇਸ ਦੀ ਪ੍ਰਕਿਰਤੀ ਗੁਮਨਾਮ ਹੁੰਦੀ ਹੈ ਤੇ ਇਸ ਦਾ ਸਿਰਜਨਹਾਰ -ਵਿਅਕਤੀ, ਸਮੂਹ ਜਾਂ ਜਾਤੀਗਤ ਭਾਵਾਂ, ਤਜਰਬਿਆਂ ਤੇ ਲੋਕ-ਮੁਹਾਵਰੇ ਦੀ ਤਰਜਮਾਨੀ ਕਰਨ ਕਰਕੇ ਹੌਲੀ-ਹੌਲੀ ਗੁਮਨਾਮ ਜਾਂ ਅਲੋਪ ਹੋ ਜਾਂਦਾ ਹੈ ਤੇ ਉਸ ਰਚਨਾ ਦੇ ਅੰਦਰੋਂ ਸਮੂਹ ਬੋਲਣ ਲੱਗ ਜਾਂਦਾ ਹੈ। ਮਿਸਾਲ ਵਜੋਂ ਨਿਮਨ-ਲਿਖਤ ਲੋਕ-ਗੀਤ ਵੇਖਣ ਯੋਗ ਹੈ।
ਬਾਬਲ ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉਡ ਵੇ ਜਾਣਾ
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ,
............
............

ਬੇਸ਼ਕ ਇਹ ਗੀਤ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਹੀ ਹੋਵੇ ਪਰ ਲੋਕ-ਭਾਵਾਂ ਦੀ ਤਰਜਮਾਨੀ ਕਰਨ ਤੇ ਲੋਕ-ਮੁਹਾਵਰੇ ਵਿੱਚ ਸੁਰ ਉਚਾਰਨ ਕਰਕੇ, ਸਮੇਂ ਦੇ ਪ੍ਰਵਾਹ ਨਾਲ ਇਸਦਾ ਕਰਤਾ ਹੌਲੀ-ਹੌਲੀ ਗੁਮਨਾਮ ਹੋ ਗਿਆ ਹੋਵੇਗਾ। ਅਸਲ ਵਿੱਚ ਲੋਕ-ਗੀਤਾਂ ਦੀ ਸਰਲਤਾ, ਸਾਦਗੀ ਠੇਠਤਾ ਤੇ ਲੋਕ-ਮੁਖਤਾ ਹੀ ਇਹਨਾਂ ਨੂੰ ਲੋਕ ਪ੍ਰਵਾਨਗੀ ਦੇ ਅਮਲ ਵਿੱਚੋਂ ਗੁਜ਼ਰ ਕੇ ਲੋਕ-ਸਮੂਹ ਦੀ ਰਚਨਾ ਦਾ ਦਰਜਾ ਦਿਵਾਂਦੀ ਹੈ। ਇਸੇ ਕਰਕੇ ਲੋਕ-ਗੀਤਾਂ ਦੇ ਨਾਮ ਹੇਠ ਆਧੁਨਿਕ ਸਮੇਂ ਵਿੱਚ ਪੱਤਰ-ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੀਆਂ ਕਿਰਤਾਂ ਨੂੰ ਲੋਕ-ਕਾਵਿ ਕਹਿਣਾ ਬੜਾ ਅਲੋਕਾਰ ਪ੍ਰਤੀਤ ਹੁੰਦਾ ਹੈ ਕਿਉਂਕਿ ਇਹ ਰਚਨਾਵਾਂ ਲੋਕ ਪ੍ਰਵਾਨਗੀ, ਲੋਕ-ਮੁਹਾਵਰੇ ਤੇ ਲੋਕ-ਸਿਮਰਤੀਆਂ ਦੇ ਪ੍ਰਵਾਹ ਤੋਂ ਕੋਰੀਆਂ ਹੁੰਦੀਆਂ ਹਨ।

    ਲੋਕ ਜੀਵਨ ਨਾਲ ਸੰਬਧਿਤ ਹੋਣ ਕਰਕੇ ਲੋਕ-ਗੀਤ ਆਪਣੇ ਵਿਸ਼ੇ-ਵਸਤੂ ਅਤੇ ਪ੍ਰਗਟਾਉ ਦੇ ਪੱਖ ਤੋਂ ਭਾਵੇਂ ਸਾਰੀ ਸਮਗਰੀ ਆਪਣੇ ਸੱਭਿਆਚਾਰਿਕ ਪਿਛੋਕੜ ਵਿੱਚੋਂ ਹਾਸਲ ਕਾਰਕੇ, ਆਪਣੇ ਅਤੀਤ ਨਾਲ ਜੁੜੇ ਰਹਿੰਦੇ ਹਨ ਪਰ ਇਹਨਾਂ ਵਿੱਚ ਨਿੱਤ ਨਵਿਆਂ ਵੇਰਵਿਆਂ ਨੂੰ ਗ੍ਰਹਿਣ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ। ਜੰਗਲ ਦੇ ਰੁੱਖ ਵਾਂਗ ਭਾਵੇਂ ਇਹਨਾਂ ਦੀਆਂ ਜੜ੍ਹਾਂ ਧਰਤੀ ਵਿੱਚ ਧਸੀਆਂ ਰਹਿੰਦੀਆਂ ਹਨ ਪਰ ਇਹਨਾਂ ਤੇ ਨਿੱਤ ਨਵੀਆਂ ਹਰੀਆਂ-ਕਚੂਰ ਕਰੂੰਬਲਾਂ, ਡਾਲੀਆਂ ਤੇ ਫੁੱਲ, ਫਲ ਖਿੜਦੇ ਰਹਿੰਦੇ ਹਨ।

    ਲੋਕ-ਗੀਤਾਂ ਦੀ ਸਿਰਜਣਾ, ਇੱਕ ਪ੍ਰਕਾਰ ਦੀ ਸਹਿਜ ਸਿਰਜਣਾ ਹੈ। ਇਹ ਸਾਹਿਤ ਦੇ ਕਰੜੇ ਨਿਯਮਾਂ, ਪਰਾਪੇਗੰਡਿਆਂ, ਬਾਹਰੀ ਉਚੇਚ ਜਾਂ ਬਣਾਵਟੀਪਣ ਤੋਂ ਉਸੇ ਤਰਾਂ ਹੀ ਕੋਰੇ ਹੁੰਦੇ ਹਨ ਜਿਸ ਤਰ੍ਹਾਂ ਇਹਨਾਂ ਦੇ ਸਿਰਜਣਹਾਰੇ ਆਮ ਜਿੰਦਗੀ ਦੀ ਤੜਕ-ਭੜਕ ਤੇ ਵਿਖਾਵਿਆਂ ਤੋ ਬੇਲਾਗ ਹੁੰਦੇ ਹਨ। ਇਹ ਅੱਖਰ ਗਿਆਨ ਤੋਂ ਕੋਰੇ, ਸਾਦ-ਮੁਰਾਦੇ, ਨਿਰਛਲ ਲੋਕਾਂ ਦੇ ਸੁਤੇ-ਸਿਧ ਪ੍ਰਗਟਾਵੇ ਹਨ ਜਿਵੇਂ:
ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ ,
ਨਾ ਬੈਠੀ ਸਾਂ ਡੇਰੇ,
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ,
ਬਹਿ ਕੇ ਮੋਟੇ ਨੇ੍ਰੇ।
ਗੀਤ ਅਗੰਮੀ ਨਿਕਲਣ ਅੰਦਰੋਂ,
ਵੱਸ ਨਹੀ ਕੁਝ ਮੇਰੇ।
ਮੇਲਣੇ ਨੱਚ ਲੈ ਨੀ,
ਦੇ ਕੇ ਸ਼ੌਕ ਦੇ ਗੇੜੇ।

ਪਰ ਲੋਕ-ਗੀਤ ਸਹਿਜ ਸਿਰਜਣਾ ਦੇ ਬਾਵਜੂਦ ਵੀ ਵਸ਼ਿਸ਼ਟ ਸਾਹਿਤ ਵਾਲੀ ਕਲਾ ਤੇ ਸੁਹਜ ਨਾਲ ਭਰਪੂਰ ਹੁੰਦੇ ਹਨ। ਇਹ ਤਾਂ ਸਗੋਂ ਮਨੁੱਖੀ ਸਿਰਜਣ-ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਵਿਖਾਲਾ ਹਨ। ਵਿਅਕਤੀਗਤ ਸਾਹਿਤ ਦੇ ਮੁਕਾਬਲੇ ਤੇ ਇਹਨਾਂ ਦੇ ਸਾਦ ਮੁਰਾਦੀ ਕਲਾਤਮਿਕ ਪ੍ਰਤਿਭਾ ਦੇ ਬਾਵਜੂਦ ਵੀ ਸਾਡੇ ਸੱਭਿਆਚਾਰਿਕ ਵਰਤਾਰੇ ਤੇ ਨਿਤ ਗੁੰਮਦੀ ਗੁਆਚਦੀ ਸਾਡੀ ਰਹਿਤਲ ਤੇ ਕਲਾ ਦੇ ਸੁੱਚੇ ਮੋਤੀਆਂ ਨੂੰ ਜਿਸ ਕਦਰ ਸਾਂਭਿਆ ਹੈ ਉਸ ਕਰਕੇ ਇਹਨਾਂ ਦਾ ਮਹੱਤਵ ਵਸ਼ਿਸ਼ਟ ਸਾਹਿਤ ਨਾਲੋ ਵੀ ਵਧੇਰੇ ਹੈ। ਲੋਕ ਧਰਤੀ ਦੇ ਨੇੜੇ ਰਹਿਣ ਕਰਕੇ ਇਹਨਾਂ ਵਿੱਚੋਂ ਅਸੀਂ ਪੰਜਾਬ ਦੀ ਮਿੱਟੀ ਦੀ ਮਹਿਕ ਤੇ ਇੱਥੋਂ ਦੇ ਅਨਘੜ-ਸੁਹਜ ਨੂੰ ਪਛਾਣ ਸਕਦੇ ਹਾਂ।

    ਪੰਜਾਬ ਦੀ ਭੂਗੋਲਿਕ ਖ਼ੂਬਸੂਰਤੀ ਤੇ ਇਤਿਹਾਸਿਕ ਜੁਗਗਰਦੀਆਂ ਦੇ ਪ੍ਰਵਾਹ ਨੇ ਪੰਜਾਬ ਦੇ ਜੰਮਿਆ-ਜਾਇਆਂ ਨੂੰ ਇਸ ਕਦਰ ਕਰੜੇ ਬਣਾ ਦਿੱਤਾ ਹੈ ਕਿ ਉਹ ਸਦਾ ਤਿਆਰ-ਬਰ-ਤਿਆਰ, ਮੌਤ ਨੂੰ ਟਿੱਚ ਜਾਨਣ ਵਾਲੇ, ਔਖੇ ਤੋਂ ਔਖੇ ਇਮਤਿਹਾਨ ਵਿੱਚੋਂ ਸਹਿਜ ਗੁਜ਼ਰਨ ਵਾਲੇ, ਸਾਹਸੀ ਤੇ ਉੱਦਮੀ ਬਣ ਗਏ। ਤਲਵਾਰਾਂ ਦੀਆਂ ਧਾਰਾਂ ਤੇ ਪਲਣ ਵਾਲੇ ਇਹਨਾਂ ਪੰਜਾਬੀਆਂ ਨੇ ਜਿਸ ਪ੍ਰਕਾਰ ਦੇ ਨਿਵੇਕਲੇ ਸੱਭਿਆਚਾਰ ਨੂੰ ਸਿਰਜਿਆ ਉਸ ਦੇ ਭਰਪੂਰ ਨਮੂਨੇ ਅਤੇ ਵੇਰਵੇ ਪੰਜਾਬੀ ਲੋਕ-ਗੀਤਾਂ ਵਿੱਚੋਂ ਸਾਖਿਆਤ ਹੁੰਦੇ ਹਨ।

    ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੇਹਾਰ ਅਤੇ ਪਹਾੜੀ ਇਲਾਇਆਂ ਵਿੱਚੋਂ ਇਤਨੀ ਵੱਡੀ ਗਿਣਤੀ ਵਿੱਚ ਲੋਕ-ਗੀਤ ਮਿਲਦੇ ਹਨ ਕਿ ਇਹਨਾਂ ਦੇ ਕਈ ਸੰਗ੍ਰਹਿ ਸੰਕਲਿਤ ਕੀਤੇ ਜਾ ਸਕਦੇ ਹਨ। ਪੰਜਾਬ ਦੇ ਇਹਨਾਂ ਵੱਖ-ਵੱਖ ਖਿੱਤਿਆਂ ਵਿੱਚੋ ਮਿਲਣ ਵਾਲੇ ਵਧੇਰੇ ਗੀਤ, ਸਥਾਨਕ ਨਾਵਾਂ, ਥਾਵਾਂ, ਵੇਰਵਿਆਂ, ਹਵਾਲਿਆਂ ਅਤੇ ਭਾਸ਼ਾਈ ਅੰਤਰਾਂ ਦੇ ਬਾਵਜੂਦ ਇੱਕੋ ਸੁਭਾਅ ਅਤੇ ਤਾਸੀਰ ਵਾਲੇ ਹਨ। ਰੂਪਕ ਅਤੇ ਭਾਸ਼ਾਈ ਵੰਨਗੀਆਂ ਦੇ ਪੱਖ ਤੋਂ ਜ਼ਰੂਰ ਕਈ ਲੋਕ ਗੀਤ ਇੱਕ ਇਲਾਕੇ ਵਿਸ਼ੇਸ਼ ਵਿੱਚ ਹੀ ਗਾਏ ਜਾਂਦੇ ਹਨ। ਪਰ ਸਮੁੱਚੇ ਰੂਪ ਵਿੱਚ ਪੰਜਾਬੀ ਦੇ ਇਹਨਾਂ ਲੋਕ-ਗੀਤਾ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਸਮੱਰਗ ਰੂਪ ਅੰਕਿਤ ਹੋਇਆ ਮਿਲਦਾ ਹੈ। ਉਸ ਤਰਾਂ ਆਮ ਪ੍ਰਸਿੱਧ ਹੈ ਕਿ ਕਵੀਸ਼ਰੀ ਮਾਲਵੇ ਦੀ, ਗੌਣ ਮਾਝੇ ਦਾ, ਢੋਲ ਬਾਰ ਦੇ, ਮਾਹੀਆ ਪੋਠੇਹਾਰ ਦਾ, ਬੋਲੀਆਂ ਪੁਆਧ ਦੀਆ, ਜਿੰਦੂਆ ਪਹਾੜੀਆਂ ਦਾ, ਪਰ ਇੱਥੇ ਵੱਖ-ਵੱਖ ਖਿੱਤਿਆ ਦੇ ਵੱਖ-ਵੱਖ ਗੀਤਾਂ ਦਾ ਅਧਿਐਨ ਸੰਭਵ ਨਹੀਂ ਹੈ।

    ਪੰਜਾਬੀ ਲੋਕ ਗੀਤ ਸਾਂਝੇ ਤੇ ਅਣਵੰਡੇ ਪੰਜਾਬ ਦੇ ਪੰਜਾਬੀਆਂ ਦਾ ਅਣਵੰਡਿਆ ਮੁੱਲਵਾਨ ਵਿਰਸਾ ਹੈ। ਵਿਸ਼ੇਸ਼ ਸੱਭਿਆਚਾਰਿਕ ਪ੍ਰਵਾਹ ਵਿੱਚੋਂ ਗੁਜ਼ਰਦੀ, ਵਿਗਸਦੀ, ਮੌਲਦੀ, ਪੰਜਾਬੀ ਮਾਨਸਿਕਤਾ ਨੇ ਸੁੱਤੇ-ਸਿਧ ਹੀ ਲੋਕ-ਗੀਤਾਂ ਦੀ ਸਿਰਜਣਾ ਰਾਹੀਂ ਜੋ ਪ੍ਰਕਾਸ਼ ਪਰਾਪਤ ਕੀਤਾ ਹੈ ਉਸ ਤੋਂ ਪੰਜਾਬੀ ਸੱਭਿਆਚਾਰ ਦੀ ਇੱਕ ਬੜੀ ਰਾਂਗਲੀ ਤਸਵੀਰ ਵੇਖਣ ਨੂੰ ਮਿਲਦੀ ਹੈ। ਸਦਕੇ ਜਾਈਏ ਪੰਜਾਬੀ ਗੀਤਾਂ ਦੀਆਂ ਸਿਰਜਣਹਾਰ ਸੁਆਣੀਆਂ ਦੇ ਜਿਨ੍ਹਾਂ ਨੇ ਆਪਣੇ ਮਸਤਕਾਂ ਅੰਦਰ ਹਜ਼ਾਰਾ ਲੋਕ-ਗੀਤਾਂ ਨੂੰ ਸਾਂਭ ਕੇ ਪੰਜਾਬੀ ਸੱਭਿਆਚਾਰ ਦੀਆਂ ਉਹਨਾਂ ਕਦੀਮੀ ਰਵਾਇਤਾਂ ਨੂੰ ਪੁਨਰ-ਸੁਰਜੀਤ ਕਰ ਦਿੱਤਾ ਹੈ ਜੋ ਅੱਜ ਸਾਨੂੰ ਬਹੁਤ ਪਰਾਈਆਂ ਅਤੇ ਪੁਰਾਣੀਆਂ ਪ੍ਰਤੀਤ ਹੁੰਦੀਆਂ ਹਨ। ਪੰਜਾਬੀ ਲੋਕ-ਗੀਤਾਂ ਦੀ ਇੱਕ ਵਿਲੱਖਣਤਾ ਜੋ ਬੜੇ ਸਪੱਸ਼ਟ ਰੂਪ ਵਿੱਚ ਨਜ਼ਰੀ ਪੈਂਦੀ ਹੈ ਉਹ ਇਹ ਹੈ ਕਿ ਸਾਡੇ ਲੋਕ-ਗੀਤਾਂ ਦਾ ਵਧੇਰੇ ਹਿੱਸਾ ਸਾਡੀਆਂ ਸੁਆਣੀਆਂ ਦੇ ਹੋਠਾਂ ਅਤੇ ਚੇਤਿਆਂ ਰਾਹੀਂ ਸਾਡੇ ਤੱਕ ਪੁੱਜਾ ਹੈ। ਲੋਕ-ਗੀਤਾਂ ਦੇ ਇਹ ਭੰਡਾਰ ਜੋ ਸਾਡੀਆਂ ਸੁਆਣ਼ੀਆਂ ਨੇ ਭਰੇ ਹਨ ਇਹ ਵਧੇਰੇ ਪਰੰਪਰਾ-ਪਾਲਕ ਹਨ ਜੋ ਪੰਜਾਬੀ ਸੁਭਾਅ ਦੀ ਸਾਦਗੀ ਦੀ ਗਵਾਹੀ ਭਰਦੇ ਹਨ। ਸੋ ਇਹਨਾਂ ਲੋਕ-ਗੀਤਾਂ ਵਿੱਚ ਮਿਸ਼ਰੀ ਜਿਹੀ ਮਿਠਾਸ ਘੁਲੀ ਹੈ ਤੇ ਇਹਨਾਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਤੋ ਧਰਤੀ ਦੇ ਨੇੜੇ ਰਹਿਣ ਦਾ ਸ਼ੌਂਕ ਹੈ। ਮਰਦਾ ਵਲੋਂ ਬੜੇ ਘੱਟ ਗੀਤ ਰਚੇ ਗਏ ਹਨ ਤੇ ਜਿਹੜੇ ਰਚੇ ਵੀ ਗਏ ਹਨ ਉਹਨਾ ਦਾ ਸੁਭਾਅ ਪਰੰਪਰਾ-ਪਾਲਕ ਦੀ ਬਜਾਏ ਵਿਅਕਤੀਗਤ ਸੁਤੰਤਰਤਾ ਦੀ ਲੋਚਾ ਰੱਖਦਾ ਹੇ।

    ਪੰਜਾਬ ਦੀਆਂ ਸੁਆਣੀਆਂ ਤੇ ਮਰਦਾ ਵਲੋਂ ਰਚੇ ਗਏ ਲੋਕ-ਗੀਤਾਂ ਦੀ ਵਿਸ਼ੇ ਪੱਖੋ ਵਰਗ ਵੰਡ ਇਸ ਤਰ੍ਹਾ ਕੀਤੀ ਜਾ ਸਕਦੀ ਹੈ ਸੂਰਮਗਤੀ ਦੇ ਗੀਤ, ਪਰੀਤ ਕਥਾਵਾਂ, ਰਾਜਨੀਤਿਕ, ਸਮਾਜਿਕ ਤੇ ਆਰਥਿਕ ਪੱਖ, ਸੰਸਕਾਰ, ਪੂਜਾ-ਪਾਠ, ਦਿਨ-ਦਿਹਾਰ,ਰੁੱਤਾਂ-ਥਿੱਤਾਂ, ਪੇਂਡੂ ਆਹਰ, ਪਿਆਰ-ਗੀਤ, ਵਿਛੋੜਾ, ਜਨਮ, ਵਿਆਹ, ਮਰਨ, ਪੇਕਾ ਘਰ, ਸਹੁਰਾ ਘਰ, ਹਾਰ-ਸ਼ਿੰਗਾਰ, ਰੁੱਖ, ਪੰਛੀ, ਫ਼ਸਲਾਂ, ਪਸੂ ਆਦਿ ਸੰਬੰਧੀ ਲੋਕ-ਗੀਤ। ਇਸੇ ਤਰਾਂ ਹੀ ਰੂਪਕ ਵੰਨਗੀਆਂ ਦੇ ਲਿਹਾਜ਼ ਨਾਲ ਲੋਕ-ਗੀਤਾਂ ਦੇ ਵੱਖ-ਵੱਖ ਰੂਪ: ਲੰਮੇ ਗੌਣ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪਾ, ਬੋਲੀ, ਮਾਹੀਆ, ਢੋਲਾ, ਅਲਾਹੁਣੀ, ਵੈਣ(ਕੀਰਨਾ), ਛੰਦ ਪਰਾਗਾ, ਪੱਤਲ, ਥਾਲ, ਕਿੱਕਲੀ, ਹੇਅਰਾ, ਲੋਰੀਆਂ, ਮੰਗਲ -ਗੀਤ ਆਦਿ। ਅਸਲ ਵਿੱਚ ਪੰਜਾਬੀ ਲੋਕ-ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਇਸ ਵਿੱਚ ਪੰਜਾਬ ਦੇ ਲੋਕ ਨਾਇਕਾਂ, ਪ੍ਰੀਤ- ਨਾਇਕਾਂ, ਦੇਵੀ-ਦੇਵਤਿਆਂ, ਸੰਸਕਾਰਾਂ (ਪੁੱਤਰ ਜਨਮ, ਤੇਰਵਾਂ, ਤੜਾਗੀ, ਧਮਾਣ, ਨਾਮਕਰਨ, ਜਨੇਊ, ਮੁੰਡਣ, ਕੁੜਮਾਈ, ਵਿਆਹ, ਵੱਟਣਾ ਖਾਰਾ, ਸਾਹੇ ਬੰਨ੍ਹਣਾ, ਸਿਠਣੀਆਂ, ਸੁਹਾਗ, ਲਾਵਾਂ, ਬੇਦੀ, ਡੋਲੀ, ਖੱਟ, ਪਾਣੀ ਵਾਰਨਾ, ਮੁਕਲਾਵਾ, ਵੈਣ, ਕੀਰਣੇ, ਵਰ੍ਹੇ-ਗੰਢ, ਵਰੀਣਾ) ਰੁੱਤਾਂ (ਬਸੰਤ, ਸਾਵੇ, ਤੀਆਂ, ਝੂਲੇ, ਪੀਘਾਂ, ਰੱਖੜੀ, ਸੰਗਰਾਂਦ, ਹੋਲੀ, ਵਿਸਾਖੀ ) ਰਾਮ ਨੌਮੀ, ਦੇਵੀਆਂ ਦੀਆਂ ਭੇਟਾਂ, ਭਜਨ, ਆਰਤੀਆਂ, ਜਾਗੋ, ਆਹਰ ਦੇ ਗੀਤ (ਕਣਕ ਕੱਟਣ, ਕੋਹਲੂ ਚੱਲਣ, ਚੱਕੀ ਪੀਸਣ, ਚਰਖਾ ਕੱਤਣ, ਪਾਣੀ ਭਰਨ ਆਦਿ)। ਪਿਆਰ ਗੀਤਾਂ ਵਿੱਚ ਮਾਹੀਆ, ਟੱਪੇ, ਬੋਲੀਆਂ, ਜਿਦੂੰਆ ਤੋਂ ਇਲਾਵਾ ਚਿੱਠੀ, ਢੋਲਾ, ਦੋਹੜੇ, ਕਾਫ਼ੀਆਂ, ਸੱਦਾ, ਝੋਕਾਂ, ਬਿਰਹੜੇ ਆਦਿ ਸ਼ਾਮਲ ਹਨ। ਲੋਕ-ਗੀਤਾਂ ਦੇ ਇਹਨਾਂ ਰੂਪਾ ਤੋਂ ਇਲਾਵਾਂ ਡਾ: ਕਰਨੈਲ ਸਿੰਘ ਥਿੰਦ ਨੇ ਪੇਸ਼ਾਵਾਰ ਜਾਤੀਆਂ ਦੇ ਲੋਕ-ਗੀਤਾਂ ਵਿੱਚ ਤੇਲੀ, ਆਜੜੀ, ਧੋਬੀ, ਸਪੇਰੇ, ਨਾਥ, ਮਿਰਾਸੀ, ਭੰਡ, ਸਿਕਲੀਗੀਰ, ਗੁੱਜਰ, ਘੁਮਿਆਰ, ਸਾਂਸੀ, ਓਡ ਆਦਿ ਦੇ ਲੋਕ-ਗੀਤਾਂ ਨੂੰ ਵੀ ਪੰਜਾਬੀ ਕਿਰਮਾਣੀ ਜੀਵਨ ਦੇ ਲੋਕ-ਗੀਤਾਂ ਵਿਚ ਸ਼ਾਮਲ ਕੀਤਾ ਹੈ।

    ਪੰਜਾਬੀ ਲੋਕ-ਗੀਤਾਂ ਵਿੱਚ ਪੰਜਾਬੀਆਂ ਦੀ ਸੂਰਮਗਤੀ ਨੂੰ ਭਾਵੇਂ ਸਿੱਧਾ ਕਾਵਿ ਪ੍ਰਗਟਾਵਾ ਤਾਂ ਨਹੀਂ ਮਿਲਿਆ ਪਰ ਪੰਜਾਬੀਆਂ ਦੇ ਲੋਕ-ਮਨਾਂ ਵਿੱਚ ਵਸਦੇ ਲੋਕ-ਨਾਇਕਾਂ ਦੇ ਕਾਰਨਾਮਿਆਂ ਅਤੇ ਲੋਕ-ਪ੍ਰਵਾਨਗੀ ਦੇ ਅਨੇਕਾਂ ਵੇਰਵਿਆਂ ਨੂੰ ਲੋਕ-ਗੀਤਕਾਰਾਂ ਨੇ ਸੁੱਤੇ-ਸਿਧ ਪਰਵਾਨ ਕਰ ਲਿਆ ਹੈ। ਲੋਕ-ਗੀਤਾਂ ਵਿੱਚ ਸਾਡੇ ਲੋਕ ਨਾਇਕਾਂ ਰਾਜਾ ਰਸਾਲੂ, ਦੁੱਲਾ ਭੱਟੀ, ਜੱਗਾ ਜੱਟ, ਸੁੱਚਾ ਸੂਰਮਾ, ਜਿਉਣਾ ਮੌੜ, ਭਗਤ ਸਿੰਘ ਆਦਿ ਦੀਆਂ ਜੀਵਨ-ਗਥਾਵਾਂ ਦੇ ਉਹਨਾਂ ਪੱਖਾਂ ਨੂੰ ਅਚੇਤ ਰੂਪ ਵਿੱਚ ਹੀ ਜ਼ਬਾਨ ਮਿਲ ਗਈ ਹੈ ਜਿਨ੍ਹਾਂ ਨੂੰ ਲੋਕ-ਮਨ ਨੇ ਆਪਣੇ ਹਿਰਦੇ ਨਾਲ ਲਾਇਆ ਹੈ। ਮਿਸਾਲ ਵਜੋਂ ਸਾਂਦਲ ਬਾਰ ਦੇ ਦੁੱਲੇ ਭੱਟੀ ਦੀ ਲੋਕ-ਪ੍ਰਸਿਧੀ ਬਾਰੇ ਨਿਮਨ-ਲਿਖਤ ਲੋਕ-ਗੀਤ ਤਾਂ ਸਮੁੱਚੇ ਪੰਜਾਬ ਵਿੱਚ ਅਮਰ ਹੋ ਗਿਆ ਹੈ:
ਸੁੰਦਰ ਮੁੰਦਰੀਏ ਹੋ
ਤੇਰਾ ਕੋਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ੱਕਰ ਆਈ ਹੋ
ਕੁੜੀ ਦੇ ਬੋਝੇ ਪਾਈ ਹੋ
ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ
ਚਾਚਾ ਗਾਲੀ ਦੇਸੇ ਹੋ
ਚਾਚਾ ਚੂਰੀ ਕੁੱਟੀ ਹੋ
ਜਿੰਮੀਦਾਰਾਂ ਲੁੱਟੀ ਹੋ
ਜਿੰਮੀਦਾਰ ਸਦਾਏ ਹੋ
ਗਿਣ ਮਿਣ ਪੱਲੇ ਪਾਏ ਹੋ।

ਇਹਨਾਂ ਲੋਕ-ਗੀਤ ਪੰਕਤੀਆਂ ਵਿੱਚ ਦੁੱਲਾ ਭੱਟੀ ਦੀ ਕਥਾ ਦੇ ਵੇਰਵੇ ਬੇਸ਼ਕ ਤਰੁੱਟ ਗਏ ਹੋਣ ਪਰ ਇਸ ਤੋਂ ਇਹ ਜ਼ਰੂਰ ਪਤਾ ਚੱਲਦਾ ਹੈ ਕਿ ਦੁੱਲਾ ਭੱਟੀ ਮੁਗਲ ਸਲਤਨਤ ਦੇ ਖਿਲਾਫ਼ ਜੂਝਦੀ ਪੰਜਾਬੀਅਤ ਦਾ ਪਰਤੀਕ ਹੈ। ਇਸੇ ਤਰ੍ਹਾਂ ਪੰਜਾਬ ਦੇ ਹੋਰ ਲੋਕ ਨਾਇਕ ਰਾਜੇ ਰਸਾਲੂ ਨਾਲ ਸੰਬੰਧਿਤ ਅਨੇਕਾਂ ਲੋਕ-ਗੀਤ ਪੰਜਾਬ ਵਿੱਚ ਵਿਸ਼ੇਸ ਪ੍ਰਸਿੱਧੀ ਪ੍ਰਾਪਤ ਕਰ ਗਏ ਹਨ। ਇਵੇਂ ਹੀ ਲੋਕ-ਗੀਤਾਂ ਵਿੱਚ ਕਿੱਧਰੇ 'ਛਵੀਆਂ' ਦੇ ਕੁੰਢ ਮੁੜ ਜਾਣ ਦੇ ਬਾਵਜੂਦ ਵੀ ਜਿਉਣਾ ਮੌੜ ਵੱਢਿਆਂ ਨਹੀ ਜਾਂਦਾ, ਕਿੱਧਰੇ ਸੁੱਚਾ ਸੂਰਮਾ ਡਾਕੇ ਮਾਰਦਾ ਹੈ, ਕਿੱਧਰੇ ਜੱਗੇ ਜੱਟ ਦੇ ਮਰ ਜਾਣ ਤੇ ਮਣਾ ਮਣ ਰੇਤ ਭਿੱਜਦੀ ਹੈ ਤੇ ਕਿੱਧਰੇ ਉਸਦੇ ਵਿਯੋਗ ਦਾ ਅਸਰ ਪਰਿੰਦਿਆਂ ਤੱਕ ਨੂੰ ਵੀ ਹੁੰਦਾ ਹੈ:
ਜਿਥੇ ਜੱਗਾ ਮਾਰਿਆ, ਉਥੇ ਰੋਣ ਤਿੱਤਰ ਤੇ ਮੋਰ,
ਮਹਿਲੀਂ ਰੋਦੀਆਂ ਰਾਣੀਆਂ, ਪਿਛਵਾੜੇ ਰੋਂਦੇ ਚੋਰ।

ਦੁਨੀਆਂ ਦੇ ਇਤਿਹਾਸ ਅੰਦਰ ਸ਼ਾਇਦ ਇਹ ਪੰਜਾਬੀ ਮਾਵਾਂ ਦੇ ਹੀ ਹਿੱਸੇ ਆਇਆ ਹੈ ਜੋ ਆਪਣੌ ਜੰਮੇ-ਜਾਇ ਪੁੱਤਰਾਂ ਦੇ ਹੌਕੇ-ਹੇਰਵਿਆਂ ਦੀ ਬਜਾਏ ਇਸ ਤਰ੍ਹਾਂ ਦੇ ਸਵਰ ਉਚਾਰਦੀਆਂ ਹਨ:
ਪਤਾ ਹੁੰਦਾ ਜੇ ਜੱਗੇ ਨੇ ਮਰ ਜਾਣਾ,
ਇੱਕ ਦੀ ਮੈਂ ਦੋ ਜਣਦੀ।

    ਪੰਜਾਬੀਆਂ ਨੇ ਬਹਾਦਰੀ ਅਤੇ ਸੂਰਮਗਤੀ ਦੇ ਨਾਲ-ਨਾਲ ਪਿਆਰ ਦੇ ਖੇਤਰ ਵਿੱਚ ਵੀ ਸਾਡੇ ਪ੍ਰੀਤ-ਨਾਇਕਾਂ ਨਾਲ ਬੇਪਨਾਹ ਮੁੱਹਬਤ ਪਾਈ ਹੈ। ਪੰਜਾਬੀ ਲੋਕ-ਗੀਤਾਂ ਵਿੱਚ ਹੀਰ-ਰਾਂਝਾ, ਸੱਸੀ-ਪੁੰਨੂ, ਮਿਰਜਾ-ਸਾਹਿਬਾਂ, ਸੋਹਣੀ-ਮਹੀਂਵਾਲ ਆਦਿ ਪ੍ਰੀਤ ਕਥਾਵਾਂ ਨੂੰ ਵਿਸ਼ੇਸ਼ ਥਾਂ ਮਿਲੀ ਹੈ। ਕਈ ਵਾਰ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਪ੍ਰੀਤ-ਨਾਇਕ ਲੋਕ-ਗੀਤਾਂ ਥਾਣੀ ਲੰਘਕੇ ਹੀ ਸਾਡੀਆਂ ਕਿੱਸਾ-ਰਚਨਾਵਾਂ ਦਾ ਅੰਗ ਬਣ ਗਏ ਹਨ। ਗੱਲ ਕੀ ਸਾਡੀਆ ਲੋਕ-ਪਰਵਾਨਿਤ ਪਰੀਤ-ਕਥਾਵਾਂ ਪਹਿਲਾ ਲੋਕ ਹਿਰਦਿਆਂ ਵਿੱਚ ਲੋਕ ਗੀਤਾ ਰਾਹੀਂ ਹੀ ਪਰਵਾਨ ਚੜ੍ਹੀਆਂ ਤੇ ਸ਼ਾਇਦ ਇਹਨਾ ਗੀਤੇਂ ਨੇ ਹੀ ਵਿਅਕਤੀਗਤ ਕਿੱਸਾਕਾਰਾਂ ਨੂੰ ਪਰੀਤ ਕਥਾਵਾਂ, ਕਿੱਸਿਆ ਵਿੱਚ ਸਮੋਣ ਲਈ ਪਰੇਰਿਤ ਕੀਤਾ। ਪੰਜਾਬ ਕਿਉਕਿ ਸੂਰਮਿਆ ਅਤੇ ਆਸ਼ਕਾ ਦੀ ਧਰਤੀ ਹੈ ਤੇ ਇੱਥੋਂ ਦੇ ਲੋਕ-ਗੀਤ ਰਚਨਹਾਰਿਆ ਨੇ ਇਹਨਾਂ ਦੇ ਨਾਇਕਾ ਦੀ ਪਛਾਣ ਕਰਕੇ ਇਹਨਾਂ ਨੂੰ ਆਪਣੇ ਗੀਤਾਂ ਦਾ ਅੰਗ ਬਣਾ ਲਿਆ ਹੈ।

    ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਜਨਮ ਤੋਂ ਲੈ ਕੇ ਮੌਤ ਤੱਕ ਦੀਆ ਅਨੇਕਾ ਘਟਨਾਵਾਂ ਨੂੰ ਉਹਨਾ ਦੇ ਸਮਾਜਿਕ ਪ੍ਸੰਗ ਵਿੱਚ ਪੇਸ਼ ਕਰਨ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੇ ਸਚਿਆਰੇ ਜੀਵਨ ਤੇ ਸਾਕਾਦਰੀਆ ਦੇ ਮਿਲ ਵਰਤਣ ਦੀ ਬਹੁਰੰਗੀ ਝਲਕੀ ਪੇਸ਼ ਕਰਦਾ ਹੈ। ਇਹਨਾਂ ਵਿੱਚ ਜਿੱਥੇ ਸਮੂਹਿਕ ਭਾਈਚਾਰਕ ਜੀਵਨ ਦੀ ਝਾਕੀ ਪ੍ਸਤੁਤ ਹੁੰਦੀ ਹੈ ਉੱਥੇ ਪੱਜਾਬੀ ਰਹਿਤ-ਬਹਿਤ ਦੇ ਅਨੇਕਾ ਪੱਖਾ ਨੂੰ ਜ਼ੁਬਾਨ ਮਿਲਦੀ ਹੈ ਜਿਵੇਂ:
ਵੇ ਪਿੱਪਲਾ ਤੂ ਆਪ ਵੱਡਾ ਪਰਿਵਾਰ ਵੱਡਾ
ਪੱਤਿਆ ਨੇ ਛਹਿਬਰ ਲਾਈ,
ਵੇ ਡਾਣਿਆ ਤੋਂ ਬਾਝ ਤੈਨੂੰ ਸਰਦਾ ਨਾਹੀ।
ਪੱਤਿਆ ਨੇ ਛਹਿਬਰ ਲਾਈ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਭਾਈਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਚਾਚਿਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਲਾਗੀਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਵੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਪੱਤਿਆ ਤੋ ਬਾਝ ਤੈਨੂੰ ਸਰਦਾ ਨਾਹੀਂ।

ਇਸ ਲੋਕ-ਗੀਤ ਵਿੱਚ ਪੰਜਾਬ ਦੇ ਭਾਈਚਾਰਿਕ ਜੀਵਨ ਵਿੱਚਲੀ ਅਤੁੱਟ ਸਾਂਝ ਅਤੇ ਉਸ ਦੀ ਲੋੜ ਨੂੰ ਪਿੱਪਲ ਦੇ ਚਿੰਨ੍ਹ ਰਾਹੀਂ ਰੂਪਮਾਨ ਕਿਤਾ ਗਿਆ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਂਝੀ ਰਹਿਣੀ ਅਤੇ ਸੰਯੁਕਤ ਪਰਿਵਾਰ ਦੀ ਖਾਸ ਲੋੜ ਮਹਿਸੂਸ ਕੀਤੀ ਜਾਂਦੀ ਹੈ।

    ਕਿਰਸਾਣੀ ਸਮਾਜ ਵਿੱਚ ਵੀ ਵਰ-ਘਰ ਦੀ ਚੋਣ ਸਮੇਂ ਵੀ ਇਸ ਗੱਲ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਪਰਿਵਾਰ ਜਾ ਖਾਨਦਾਨ ਕਿਤਨਾ ਕੁ ਵੱਡਾ ਹੈ। ਪੰਜਾਬ ਦੇ ਸੁਹਾਗ ਗੀਤਾਂ ਵਿੱਚ ਅਨੇਕਾਂ ਥਾਈਂ ਅਜਿਹੇ ਪਰਿਵਾਰ ਦੀ ਕਲਪਨਾ ਕਿਤੀ ਗਈ ਹੈ :
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਸੱਸ ਭਲੀ, ਸਹੁਰਾ ਪ੍ਰਧਾਨ ਹੋਵੇ।
ਡਾਹ ਬਹਿੰਦੀ ਪੀੜ੍ਹਾ ਸਾਹਮਣੇ ਮੱਥੇ ਕਦੀ ਨਾ ਵੱਟ।
ਬਾਬਲ ਤੇਰਾ ਪੁੰਨ ਹੋਵੇ, ਤੇਰਾ ਹੋਵੇ ਵੱਡੜਾ ਜੱਸ ਬਾਬਲਾ।
ਦੇਵੀਂ ਵੇ ਬਾਬਲਾ ਉਸ ਘਰੇ ਜਿੱਥੇ ਸੱਸੂ ਦੇ ਬਾਹਲੜੇ ਪੁੱਤ,
ਇੱਕ ਮੰਗੀਏ ਇੱਕ ਵਿਆਹਰੀਏ ਵੇ ਮੈਂ ਸ਼ਾਦੀਆ ਵੇਖਾਂ ਨਿੱਤ।
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਬੂਰੀਆਂ ਹੋਵਣ ਸੱਠ,
ਇੱਕ ਰਿੜਕਾ ਇੱਕ ਜਮਾਵਾਂ, ਵੇ ਮੇਰਾ ਚਾਟੀਆਂ ਦੇ ਵਿੱਚ ਹੱਥ।
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਦਰਜ਼ੀ ਸੀਵੇ ਪੱਟ,
ਇੱਕ ਪਾਵਾਂ ਇੱਕ ਟੱਗਣੇ ਵੇ ਮੇਰਾ ਸੰਦੂਖਾਂ ਦੇ ਵਿੱਚ ਹੱਥ।
ਦੇਈਂ ਵੇ ਬਾਬਲਾ ਉਸ ਘਰੇ, ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ ਇੱਕ ਲਾਹਵਾਂ, ਵੇ ਮੇਰਾ ਵਿੱਚ ਪਟਾਰੀਆ ਹੱਥ।

ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਵਿੱਚ ਵਰ ਦਾ ਕਿੱਧਰੇ ਜ਼ਿਕਰ ਨਹੀਂ ਆਇਆ ਅਤੇ ਸਾਰਾ ਧਿਆਨ ਕੇਵਲ ਘਰ ਅਤੇ ਖਾਨਦਾਨ ਉੱਤੇ ਕੇਂਦ੍ਰਿਤ ਹੈ। ਲੋਕ-ਗੀਤ ਦੀ ਮੂਲ ਭਾਵਨਾ ਜਿੱਥੇ ਸਰਦੇ-ਪੁੱਜਦੇ ਰੱਜੇ-ਪੁੱਜੇ ਪਰਿਵਾਰ ਨਾਲ ਸੰਬੰਧਿਤ ਹੈ ਉੱਥੇ ਸੱਸੂ ਦੇ ਬਾਹਲੜੇ ਪੁੱਤਾ ਦੀ ਅਜਿਹੀ ਸਮਾਜਿਕ ਲੋੜ ਵੱਲ ਇਸ਼ਾਰਾ ਵੀ ਹੈ ਜੋ ਕਿ ਕਿਰਸਾਣੀ ਜੀਵਨ ਦੀ ਇੱਕ ਲੋੜ ਹੈ। ਇਹ ਸਾਰੀ ਦੀ ਸਾਰੀ ਲੋਕ-ਗੀਤ ਰਚਨਾ ਕਿਰਸਾਣੀ ਸਮਾਜ ਦੇ ਘਰੋਗੀ ਜੀਵਨ ਦੀਆਂ ਤਾਲਾਂ ਨਾਲ ਓਤਪੋਤ ਹੈ। ਇਸ ਤੋਂ ਇਲਾਵਾ ਸਾਡੇ ਲੋਕ-ਗੀਤਾਂ ਵਿੱਚੋਂ ਕਿਰਸਾਣੀ ਸਮਾਜ ਵਿੱਚ ਮਰਦ ਦੀ ਸਰਦਾਰੀ ਅਤੇ ਔਰਤ ਦੀ ਅਧੀਨਗੀ ਦੇ ਅਨੇਕਾਂ ਅਜਿਹੇ ਉਦਾਹਰਨ ਮਿਲਦੇ ਹਨ ਜਿਨ੍ਹਾਂ ਵਿੱਚੋਂ ਲੜਕੀ ਵਾਲੇ ਘਰ ਦੀ ਨਿਮਨ ਸਥਿਤੀ ਦੀ ਝਲਕ ਮਿਲਦੀ ਹੈ:
ਕੋਠਾ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ,
ਇਸ ਕੋਠੇ ਦੀ ਛੱਤ ਪੁਰਾਣੀ, ਕੋਠਾ ਧਰਮੀ ਤਾਂ ਨਿਵਿਆਂ।
ਬਾਬਲ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ,
ਇਸ ਬਾਬਲ ਦੀ ਕੰਨਿਆ ਕੁਆਰੀ, ਬਾਬਲ ਧਰਮੀ ਤਾਂ ਨਿਵਿਆਂ।

ਮਰਦ ਪ੍ਰਧਾਨ ਸਮਾਜ ਵਿੱਚ ਕੁੜੀ ਦਾ ਬਾਬਲ ਚਾਹੇ ਕਿੰਨਾ ਹੀ ਵੱਡਾ ਸਰਦਾਰ ਕਿਉਂ ਨਾ ਹੋਵੇ ਉਸਨੂੰ ਕੁੜਮਾਚਾਰੀ ਦੇ ਸਾਹਮਣੇ ਨਿਵਣਾ ਹੀ ਪੈਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਪੁੱਤਰ ਅਤੇ ਧੀ ਦੇ ਜਨਮ ਨੂੰ ਵੱਖਰੀ-ਵੱਖਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ।

    ਸਾਡੇ ਭਾਈਚਾਰੇ ਵਿੱਚ ਔਰਤਾਂ ਨੂੰ ਮਰਦ ਦੇ ਮੁਕਾਬਲੇ ਤੇ ਸਦਾ ਅਧੀਨਗੀ ਦੀ ਸਥਿਤੀ ਵਿੱਚ ਜਿਉਂਣਾ ਪੈਂਦਾ ਹੈ ਤੇ ਉਸਦੀ ਖੱਟੀ ਕਮਾਈ ਨੂੰ ਮਰਦਾਂ ਦੇ ਮੁਕਾਬਲੇ ਬੜਾ ਨਿਮਣ ਤੇ ਨਿਗੁਣਾ ਜਿਹਾ ਮੰਨਿਆ ਜਾਦਾ ਹੈ।
ਜੇਠ ਹਾੜ ਦੀਆਂ ਧੁੱਪਾਂ ਵੇ ਚੰਨਾ, ਏਥੇ ਪੈਣ ਬਲਾਈਂ,
ਵੇ ਲਾਲ ਦਮਾਂ ਦਿਆ ਲੋਭੀਆਂ, ਪ੍ਰਦੇਸ ਨਾ ਜਾਈਂ।
ਮੈ ਕੱਤੂਗੀ ਨਿੱਕੜਾ, ਤੂੰ ਬਹਿ ਕੇ ਖਾਈਂ,
ਨੀ ਲਾਜੋ ਨਾਰਾਂ ਦੀ ਖੱਟੀ ਵਿੱਚ ਕੋਈ ਬਰਕਤ ਨਾਹੀਂ,
ਨੀ ਗੋਰੀਏ, ਮਰਦਾ ਦੀ ਖੱਟੀ, ਚੂੜੇ ਛਣਕਨ ਬਾਹੀਂ।

ਇਹ ਗੀਤ ਜਿਸ ਸਮਾਜਿਕ ਮਨੋਸਥਿਤੀ ਦੀ ਉਪਜ ਹੈ ਉਸ ਵਿੱਚ ਔਰਤ ਦੀ ਖੱਟੀ ਕਮਾਈ ਨੂੰ ਕਿਸੇ ਨੌਂਗੇ ਵਿੱਚ ਨਹੀਂ ਗਿਣਿਆ ਜਾਂਦਾ ਤੇ ਸਾਰੀਆਂ ਬਰਕਤਾਂ ਮਰਦ ਦੀ ਬਦੌਲਤ ਹੀ ਮੰਨੀਆ ਗਈਆ ਹਨ। ਔਰਤ ਦੀ ਇਸ ਸਥਿਤੀ ਦੇ ਨਾਲ-ਨਾਲ ਕਿਰਸਾਣੀ ਸਮਾਜ ਦੀਆਂ ਆਰਥਿਕ ਤੰਗੀਆਂ ਤੁਰਸੀਆਂ, ਲੋੜਾਂ, ਥੁੱੜਾਂ ਤੇ ਕਸਕਾਂ ਨੂੰ ਵੀ ਲੋਕ-ਗੀਤਾਂ ਵਿੱਚ ਭਰਵੀ ਥਾਂ ਮਿਲਦੀ ਹੈ। ਪੰਜਾਬ ਦੀ ਛੋਟੀ ਕਿਰਸਾਣੀ ਅਤੇ ਆਰਥਿਕ ਸੰਕਟਾ ਤੇ ਤੰਗੀਆਂ-ਤੁਰਸੀਆਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਪੈਦਾ ਹੋਏ ਕਈ ਅੰਤਰ ਵਿਰੋਧਾਂ ਨੂੰ ਵੀ ਲੋਕ-ਗੀਤ ਰੂਪਮਾਨ ਕਰਦੇ ਹਨ।

    ਪੰਜਾਬੀ ਲੋਕ-ਗੀਤਾਂ ਵਿੱਚ ਕਿਰਸਾਣੀ ਸਮਾਜ ਦੇ ਆਰਥਿਕ ਰਿਸ਼ਤਿਆਂ ਦੇ ਨਾਲ-ਨਾਲ ਸਾਕਾਂ ਸਰੀਕੀਆਂ ਅਤੇ ਬਰਾਦਰੀਆਂ ਦੇ ਵਰਤ ਵਿਹਾਰ ਦੇ ਅਨੇਕਾਂ ਰੂਪ ਵੇਖਣ ਨੂੰ ਮਿਲਦੇ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਸਚਿਆਰੇ ਜੀਵਨ ਤੇ ਰਿਸ਼ਤੇ ਨਾਤਿਆ ਦੇ ਕਈ ਚਿਤਰ ਤਾਂ ਸਜੀਵ ਰੂਪਧਾਰਨ ਕਰ ਗਏ ਹਨ। ਖਾਸ ਕਰਕੇ ਸੁਹਾਗਾਂ ਅਤੇ ਘੋੜੀਆਂ ਵਿੱਚ ਨਾਨਕਿਆਂ, ਦਾਦਕਿਆਂ, ਪੇਕਿਆਂ, ਸਹੁਰਿਆਂ, ਚਾਚਿਆਂ, ਤਾਇਆਂ,ਮਾਮਿਆਂ, ਭੂਆ, ਫੁੱਫੜਾ, ਨਾਨੀਆਂ, ਨਾਨਿਆਂ, ਦਾਦੀ, ਦਾਦਿਆਂ, ਗੱਲ ਕੀ ਸਾਰੇ ਰਿਸ਼ਤੀਆਂ ਦੇ ਵਿਭਿੰਨ ਰੂਪ ਪ੍ਰਸਤੁਤ ਹੁੰਦੇ ਹਨ। ਇਹ ਸਾਰੇ ਸਾਕ ਅੰਗ, ਸਾਕ-ਸਰੀਕਿਆਂ, ਸ਼ਰੀਕੇ-ਬਰਾਦਰੀਆਂ ਸਾਡੇ ਜੀਵਨ ਵਿੱਚ ਜਿਉਂ ਦਾ ਤਿਉਂ ਵਿਚਰਦੇ ਪ੍ਰਤੀਤ ਹੁੰਦੇ ਹਨ। ਵਿਆਹ ਸ਼ਾਦੀਆਂ ਦੇ ਸਮੇਂ ਕਿੱਧਰੇ ਨਾਨਕਿਆਂ, ਦਾਦਕਿਆਂ ਦੀ ਲੋੜ ਮਹਿਸੂਸ ਹੁੰਦੀ ਹੈ। ਕਿੱਧਰੇ ਧਰਮੀ ਬਾਬਲ, ਚਾਚੇ, ਮਾਮੇ, ਵੀਰ, ਫੁੱਫੜ, ਬਾਬੇ ਆਪਣੀ ਧੀ ਲਈ ਵਰ ਟੋਲਣ ਜਾਂਦੇ ਹਨ, ਕਿੱਧਰੇ ਨਾਨਕੀਆਂ ਹੱਥੀਂ ਚੂੜੇ ਪਾ ਕੇ ਚੜੋ-ਚੜੰਦੀਆਂ ਗਾਉਂਦੀਆਂ ਆਉਂਦੀਆਂ ਹਨ। ਕਿਧਰੇ ਮਾਮਾ ਆਪਣੀ ਭਾਣਜੀ ਨੂੰ ਖਾਰਿਉਂ ਉਤਾਰਦਾ ਵਿਭਿੰਨ ਰਸਮਾਂ ਨਿਭਾਉਦਾ ਹੈ ਜਿਵੇਂ:
ਹਰੇ ਨ੍ਹਾਈ ਹਰੇ ਧੋਈ, ਹਰੇ ਠੰਡਾ ਪਾਣੀਆਂ,
ਦੇਸ ਮਾਮਾ ਵਹਿੜ ਵੱਛੀ, ਤੇਰਾ ਪੁੰਨ ਕਰਕੇ ਜਾਣੀਏ।
ਅੱਗੇ ਤਾ ਦਿੰਦਾ ਸੈਂ ਅੱਜੀਂ ਪੱਜੀਂ,
ਹੁਣ ਦਿਤੜਾ ਦਾਨ ਪਛਾਣੀਏ।

ਪੰਜਾਬੀ ਲੋਕ-ਗੀਤਾਂ ਪੰਜਾਬ ਦੇ ਕਿਰਸਾਣੀ ਸਮਾਜ ਦੇ ਸੱਭਿਆਚਾਰ ਦਾ ਜੋ ਚਿਤਰ ਸਾਕਾਰ ਕਰਦੇ ਹਨ, ਉਸ ਵਿੱਚੋਂ ਇਸ ਵਰਤਾਰੇ ਦੀ ਜਾਤਾਂ-ਜਮਾਂਤਾਂ ਦੀ ਸ਼੍ਰੇਣੀ ਵੰਡ ਵੀ ਕਿਧਰੇ ਨਜ਼ਰੀ ਪੈਂਦੀ ਹੈ। ਕਿਰਸਾਣੀ ਸਮਾਜ ਵਿੱਚ ਰਿਸ਼ਤਿਆਂ-ਨਾਤਿਆਂ ਦਾ ਜਜਮਾਨੀ-ਰਿਸ਼ਤਾ ਲੋਕ-ਗੀਤਾਂ ਦੀ ਸਿਰਜਣਾ ਪ੍ਰਕਿਰਿਆਂ ਦਾ ਅਧਾਰ ਵੀ ਬਣਦਾ ਹੇ ਜਿਵੇਂ:
ਰਾਜਾ ਤੇ ਪੁੱਛਦਾ ਰਾਣੀਏ, ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
ਗਾਗਾਰ ਦੇ ਸੁੱਚੇ ਮੋਤੀ ਕ੍ਹਿਨੂੰ ਦੇਈਏ।
ਪਾਂਧੇ ਦੇ ਜਾਈਏ ਵੇ ਰਾਜਾ, ਸਾਹਾ ਸੁਧਾਈਏ, ਸਾਹਾ ਸੁਧਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,
ਇੰਦਰ ਦੀ ਵਰਖਾ ਵੇ ਰਾਜਾ ਨਿੱਤ ਨਹੀਉਂ।
.............................
ਨਾਈ ਦੇ ਜਾਈਏ ਵੇ ਰਾਜਾ, ਗੰਢਾਂ ਘਲਾਈਏ, ਗੰਢਾਂ ਘਲਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਲਲਾਰੀ ਦੇ ਜਾਈਏ ਵੇ ਰਾਜਾ, ਚੀਰਾ ਰੰਗਾਇਏ, ਚੀਰਾ ਰੰਗਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਸੁਨਿਆਰੇ ਦੇ ਜਾਈਏ ਵੇ ਰਾਜਾ, ਕੈਂਠਾਂ ਘੜਾਈਏ, ਕੈਂਠਾਂ ਘੜਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ ਵੇ ਰਾਜਾ।
.............................
ਮਾਲਣ ਦੇ ਜਾਈਏ ਵੇ ਰਾਜਾ, ਸਿਹਰਾ ਗੁੰਦਾਈਏ, ਸਿਹਰਾ ਗੁੰਦਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਦਰਜੀ ਦੇ ਜਾਈਏ ਵੇ ਰਾਜਾ, ਲੀੜੇ ਸਵਾਈਏ, ਲੀੜੇ ਸਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਮੋਚੀ ਦੇ ਜਾਈਏ ਵੇ ਰਾਜਾ, ਜੋੜਾ ਬਣਵਾਈਏ, ਜੋੜਾ ਬਣਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਇਏ।

ਇਸ ਲੋਕ-ਗੀਤ ਵਿੱਚ ਸਾਡੇ ਸੱਭਿਆਚਾਰਕ ਵਰਤਾਰੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਹੁੰਦੀ ਹੈ ਜਿਸ ਵਿੱਚ ਇੱਕ ਜੱਟ ਕਿਰਸਾਣ ਜਜਮਾਨ ਹੈ ਤੇ ਉਸ ਦੇ ਆਸੇ-ਪਾਸੇ ਲਾਗੀਆਂ ਦਾ ਇੱਕ ਝੂੰਮਰ ਹੈ। ਇਹ ਲਾਗੀ ਆਪਣੇ ਜਜਮਾਨਾ ਨਾਲ ਇੱਕ ਕਦੀਮੀ ਸਾਂਝ ਤੇ ਰਿਸ਼ਤੇ ਵਿੱਚ ਇਸ ਤਰ੍ਹਾਂ ਬੱਝੇ ਪਏ ਹਨ ਕਿ ਇਹ ਇੱਕ ਦੂਸਰੇ ਦੇ ਪੂਰਕ ਪ੍ਰਤੀਤ ਹੁੰਦੇ ਹਨ। ਭਾਵੇਂ ਜਜਮਾਨ ਇੱਕ ਰਾਜਾ ਹੈ ਪਰ ਲਾਗੀਆਂ ਨੂੰ ਸਾਡੇ ਸੱਭਿਆਚਾਰ ਵਿੱਚ ਆਦਰ ਮਾਣ ਵਾਲੇ ਨਾਵਾਂ ਨਾਲ ਪੁਕਾਰਿਆਂ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਡੇ ਲਾਗੀ - ਜਜਮਾਨੀ ਰਿਸ਼ਤਿਆਂ ਵਿੱਚ ਇੱਕ ਸੱਭਿਆਚਾਰਕ ਨਿੱਘ, ਅਪਣੱਤ ਤੇ ਸਾਂਝ ਦਾ ਅਹਿਸਾਸ ਹੁੰਦਾ ਹੈ।

    ਜਿੱਥੋਂ ਤੱਕ ਸੰਸਕਾਰ-ਗੀਤਾਂ ਦਾ ਸੰਬਧ ਹੈ ਇਹ ਲੋਕ-ਗੀਤ ਪੰਜਾਬੀਆਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਥਾਂ-ਪਰ-ਥਾਂ ਪੰਜਾਬੀਆਂ ਦਾ ਸੰਗ ਪਾਲਦੇ ਹੋਏ ਸਾਡੀਆਂ ਭਾਈਚਾਰਿਕ ਰਸਮਾਂ ਦਾ ਅਤੁੱਟ ਅੰਗ ਬਣ ਗਏ ਹਨ ਤੇ ਸਾਡੇ ਭਾਈਚਾਰੇ ਦੀ ਸ਼ਾਇਦ ਹੀ ਕੋਈ ਅਜਿਹੀ ਰਸਮ ਹੋਵੇ ਜਿਸ ਨਾਲ ਸਾਡੇ ਲੋਕ-ਗੀਤਾਂ ਦਾ ਸਾਥ ਨਾ ਹੋਵੇ। ਸ਼ਾਇਦ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਪੰਜਾਬੀ ਲੋਕ-ਗੀਤਾਂ ਵਿੱਚ ਜੰਮਦਾ, ਪਲਦਾ, ਨਿੰਮਦਾ, ਵਿਆਹਿਆ ਜਾਂਦਾ ਅਤੇ ਮਰਦਾ ਹੈ। ਇੱਥੋਂ ਤੱਕ ਕਿ ਸੰਸਕਾਰ-ਗੀਤਾਂ ਵਿੱਚ ਤਾਂ ਸਾਡਾ ਸਮੁੱਚਾ ਭਾਈਚਾਰਾ ਵਾਸਤਵਿਕ ਰੂਪ ਵਿੱਚ ਵਿਹਾਰ ਕਰਦਾ, ਮੰਨਤਾਂ-ਮਨੌਤਾਂ ਮਨਾਉਂਦਾ, ਵਿਗਸਦਾ, ਮੌਲਦਾ, ਨਜ਼ਰ ਆਉਂਦਾ ਹੈ।

    ਪੰਜਾਬੀ ਲੋਕ-ਗੀਤਾਂ ਨੇ ਇੱਥੋਂ ਦੇ ਧਰਮ ਅਤੇ ਸਦਾਚਾਰ ਨਾਲ ਵੀ ਆਪਣੀ ਅਤੁੱਟ ਸਾਂਝ ਦਾ ਸਬੂਤ ਦਿੱਤਾ ਹੈ। ਵਿਸ਼ੇਸ਼ ਤੇ ਵਿਲੱਖਣ ਖੂਬੀ ਇਹ ਹੈ ਕਿ ਨਾ ਤਾਂ ਇਸ ਜ਼ਰਖੇਜ਼ ਧਰਤੀ ਵਿੱਚੋਂ ਉਪਜਿਆ ਧਰਮ ਹੀ ਗੁੰਝਲਦਾਰ ਹੈ ਅਤੇ ਨਾ ਹੀ ਇੱਥੋਂ ਦੀਆਂ ਲੋਕ-ਗੀਤ ਸਿਰਜਣਾ ਗੁੰਝਲਦਾਰ ਹਨ। ਪੰਜਾਬ ਦੇ ਲੋਕ-ਗੀਤ ਰਚਣਹਾਰਿਆਂ ਨੇ ਜੇਕਰ ਇੱਕ ਪਾਸੇ ਬਹਾਦਰ ਲੋਕ-ਨਾਇਕਾਂ, ਪ੍ਰੀਤ-ਪਾਤਰਾਂ, ਭਗਤੀਵਾਨਾ ਅਤੇ ਸ਼ਕਤੀਵਾਨਾਂ ਨੂੰ ਨਵੇਂ ਨਕਸ਼ ਪਰਦਾਨ ਕੀਤੇ ਹਨ ਤਾਂ ਦੂਸਰੇ ਪਾਸੇ ਇੱਥੋਂ ਉਪਜੇ ਧਰਮ ਅਤੇ ਸਦਾਚਾਰ ਨੂੰ ਵੀ ਬੜਾ ਸਹਿਵਨ ਹੀ ਆਪਣਾ ਅੰਗ ਬਣਾ ਲਿਆ ਹੈ ਜਿਵੇਂ:
ਧਰਤੀ ਜੇਡ ਗਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਬ੍ਰਹਮਾ ਜੇਡ ਪੰਡਤ ਨਾ ਕੋਈ
ਸੀਤਾ ਜੇਡ ਨਾ ਮਾਤਾ।
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ।
ਸਰਵਣ ਜੇਡ ਪੁੱਤਰ ਨਾ ਕੋਈ,
ਜਿਸ ਰੱਬ ਦਾ ਨਾਮ ਗਿਆਤਾ।
ਨਾਨਕ ਜੇਡ ਭਗਤ ਨਾ ਕੋਈ,
ਜਿਨ ਹਰ ਦਾ ਨਾਮ ਪਛਾਤਾ।
ਦੁਨੀਆ ਮਾਣ ਕਰਦੀ,
ਰੱਬ ਸਭਨਾਂ ਦਾ ਰਾਖਾ।

ਉਪਰੋਕਤ ਲੋਕ-ਗੀਤ ਵਿੱਚੋਂ ਧਾਰਮਿਕ ਰਵਾਦਾਰੀ ਅਤੇ ਸਾਦਗੀ ਦੀ ਜੋ ਤਸਵੀਰ ਝਲਕਦੀ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਸਾਰੇ ਸੰਤਾਂ ਭਗਤਾਂ ਨੂੰ ਮੰਨਦੇ ਹੋਏ ਉਹਨਾਂ ਵਿੱਚ ਕਿਸੇ ਕਿਸਮ ਦਾ ਭੇਦ-ਭਾਵ ਜਾਂ ਵਿਤਕਰਾ ਨਹੀਂ ਮੰਨਦੇ।

    ਇਸ ਧਰਤੀ ਵਿੱਚੋਂ ਪੈਦਾ ਹੋਏ ਸਦਾਚਾਰ ਦੀਆਂ ਕਈ ਪ੍ਰਤੀਨਿਧ ਉਦਾਹਰਨਾ ਲੋਕ-ਗੀਤਾਂ ਵਿੱਚ ਵੀ ਮਿਲਦੀਆਂ ਹਨ - ਜਿਵੇਂ ਪੂਰਨ ਦੀ ਲੋਕ-ਕਥਾਂ ਵਿੱਚ ਪੂਰਨ ਸਦਾਚਾਰ ਦੀਆਂ ਕਰੜੀਆਂ ਪਰੀਖਿਆਵਾਂ ਵਿੱਚੋ ਨਿਕਲ ਕੇ ਹੀ ਪ੍ਰਵਾਨ ਚੜ੍ਹਦਾ ਹੈ। ਉਸ ਨੂੰ ਨਾ ਤਾਂ ਲੂਣਾ ਦੇ ਲਵਾਏ ਸੋਹਣੇ ਬਾਗ ਤੇ ਨਵਾਬ ਸੇਜਾਂ ਉਸਦੇ ਜਤ-ਸਤ ਤੋਂ ਡੁਲਾ ਸਕਦੀਆਂ ਹਨ ਅਤੇ ਨਾ ਹੀ ਸੁੰਦਰਾਂ ਦਾ ਬੇਪਨਾਹ ਹੁਸਨ ਥਿੜਕਾ ਸਕਦਾ ਹੈ:
ਵੇ ਮੈਂ ਬਾਗ ਲਵਾਇਆ ਸੁਹਣਾ,
ਵੇ ਤੂੰ ਫੁੱਲਾਂ ਦੇ ਪੱਜ ਆ
ਮੇਰਿਆ ਗੋਰਖ ਨਾਥਾ ਪੂਰਨਾ।
ਨੀਂ ਮੈਂ ਤੇਰੇ ਬਾਗੀਂ ਨਾ ਆਵਾਂ
ਤੂੰ ਤਾਂ ਲੱਗੇਂ ਧਰਮ-ਦੀ ਮਾਂ,
ਮੇਰੀਏ ਅਕਲਾਂ ਸਮਝ ਸਿਆਣੀਏ।
ਵੇ ਮੈਂ ਨਾ ਜੰਮਿਆ ਨਾ ਪਾਲਿਆ
ਮੈਂ ਕਿਸ ਬਿੱਧ ਦੀ ਮਾਂ ?
ਮੇਰਿਆ ਗੋਰਖ ਨਾਥਾ ਪੂਰਨਾ।
ਨੀ ਤੂੰ ਮੇਰੇ ਬਾਪ ਦੀ ਇਸਤਰੀ,
ਇਸ ਬਿਧ ਧਰਮ-ਦੀ ਮਾਂ
ਮੇਰੀਏ ਅਕਲਾਂ ਸਮਝ ਸਿਆਣੀਏ।

ਇਸ ਲੋਕ-ਗੀਤ ਵਿੱਚ ਅਸਲ ਝਗੜਾ ਧਰਮ ਅਤੇ ਸਦਾਚਾਰ ਦਾ ਹੈ। ਲੂਣਾ ਦੀ ਹਰ ਦਲੀਲ ਦਾ ਪੂਰਨ ਪਾਸ ਜਵਾਬ ਹੈ। ਅਸਲ ਵਿੱਚ ਪੂਰਨ ਜਿਹੀ ਸਾਬਤੀ ਅਤੇ ਸਦਾਚਾਰਿਕ ਤੇ ਦ੍ਰਿੜਤਾ ਦੇ ਮਾਰਗ ਤੇ ਤੁਰਨ ਤੋਂ ਬਗੈਰ ਕੋਈ ਲੋਕ-ਨਾਇਕ ਦੀ ਕੱਸਵਟੀ ਤੇ ਪੂਰਾ ਨਹੀਂ ਉਤਰ ਸਕਦਾ। ਇਹੀ ਕਾਰਨ ਹੈ ਕਿ ਪੰਜਾਬ ਦੇ ਸਾਰੇ ਲੋਕ-ਨਾਇਕ ਚਾਹੇ ਸੂਰਮਗਤੀ, ਧਰਮ ਤੇ ਪ੍ਰੀਤ ਦੇ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਵਿਚਰਨ ਉਹਨਾਂ ਨੂੰ ਪੰਜਾਬੀ ਸਦਾਚਾਰ ਦੀ ਕੁਠਾਲੀ ਵਿੱਚੋ ਢਲਕੇ ਹੀ ਲੋਕ ਪ੍ਰਵਾਨ ਚੜਨਾ ਪੈਂਦਾ ਹੈ।

    ਪੂਰਨ ਜਿਹੀ ਫ਼ਕੀਰੀ ਤੇ ਸਦਾਚਾਰ ਦਾ ਮਾਰਗ ਹੀ ਪੰਜਾਬ ਦੇ ਸੱਭਿਆਚਾਰ ਦੀ ਅਸਲ ਕਸਵੱਟੀ ਹੈ। ਪੰਜਾਬ ਦੇ ਲੋਕ-ਨਾਇਕਾਂ ਸੰਬੰਧੀ ਰਚੇ ਗਏ ਗੀਤਾਂ ਤੋਂ ਇਲਾਵਾ ਹੋਰ ਲੋਕ-ਗੀਤਾਂ ਵਿੱਚ ਪੰਜਾਬ ਦੇ ਸਦਾਚਾਰ ਲੱਜ, ਸ਼ਰਮ, ਅਤੇ ਰਵਾਇਤੀ ਕਦਰਾਂ-ਕੀਮਤਾਂ ਦੀਆ ਕਨਸੋਆਂ ਕੰਨੀ ਪੈਂਦੀਆਂ ਹਨ।

    ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਬੋਲੀਆਂ, ਟੱਪੇ, ਮਾਹੀਆ, ਸਿੱਠਣੀਆਂ, ਛੰਦ ਪਰਾਗੇ ਤੇ ਕੁਝ ਹੋਰ ਨਿੱਕੀਆ-ਨਿੱਕੀਆਂ ਗੀਤ-ਬਣਤਰਾਂ ਵਿੱਚੋਂ ਮਿਲਦਾ ਹੈ ਜਿਨ੍ਹਾਂ ਵਿੱਚੋਂ ਇੱਥੋਂ ਦੇ ਰਚਣਹਾਰਿਆਂ ਤੇ ਖਾਸ ਕਰਕੇ ਪੰਜਾਬ ਦੀਆਂ ਸੁਆਣੀਆਂ ਨੇ ਆਪਣੇ 'ਗੁਭ-ਗੁਭਾਟ ' ਕੱਢਕੇ ਆਪਣੀਆ ਕਸਕਾਂ, ਹੌਕੇਂ-ਹਾਵਿਆਂ, ਹੇਰਵਿਆਂ ਵਿਛੋੜੇ, ਤਲਖੀਆਂ ਤੇ ਸਮਾਜਿਕ ਜਿਆਦਤੀਆਂ ਦੇ ਦਰਦ ਅਤੇ ਪੀੜਾ ਨੂੰ ਮੱਠਿਆ ਕੀਤਾ ਹੈ। ਇਸ ਕਰਕੇ ਲੋਕ-ਗੀਤਾਂ ਵਿੱਚੋਂ ਕਿੱਧਰੇ-ਕਿੱਧਰੇ ਸਥਾਪਤ ਪਰੰਪਰਾ ਤੇ ਸਦਾਚਾਰ ਦੇ ਵਿਰੁੱਧ ਨਾਬਰੀ ਦੀ ਸੁਰ ਵੀ ਉੱਚੀ ਹੁੰਦੀ ਹੈ। ਕਿਧਰੇ ਬਾਬਲ ਦੁਆਰਾ ਸਹੇੜੇ ਮਧਰੇ ਤੇ ਕਾਲੇ ਵਰ ਦਾ ਦਰਦ ਹੈ। ਕਿੱਧਰੇ ਸੱਸ ਦੀਆ ਗਾਲਾਂ ਹਨ। ਕਿਧਰੇ ਸਹੁਰੇ, ਜੇਠ ਦੀਆਂ ਘੂਰਾਂ ਹਨ, ਕਿਧਰੇ ਪਰਦੇਸ ਗਏ ਮਾਹੀ ਦੇ ਹੌਕੇਂ ਹਨ। ਕਿਧਰੇ ਅੱਲੜ ਪਤੀ ਦੀਆਂ ਬੇਪ੍ਰਵਾਹੀਆਂ ਹਨ, ਕਿਧਰੇ ਦਰਾਣੀਆਂ-ਜਠਾਣੀਆਂ ਤੇ ਨਣਦਾਂ ਦੇ ਸਰੀਕੇ ਹਨ:
ਰੱਤੀ ਰੱਤੀ ਡੱਬੀ ਵਿੱਚ ਸੀਟੀਆਂ ਵੇ ਲਾਲ,
ਤੇਰੀ ਭੈਣ ਨੇ ਸਾਨੂੰ ਗੱਲਾਂ ਕੀਤੀਆਂ ਵੇ ਲਾਲ।
ਤੇਰੀ ਭੈਣ ਲੜੇ, ਨਾ ਲੜਨਾਂ ਵੇ ਲਾਲ,
ਅਸੀਂ ਸਿਰ ਚਰਨਾ ਤੇ ਧਰਨਾ ਵੇ ਲਾਲ।
............................
( ਇਸੇ ਤਰਾਂ ਮਾਂ, ਦਰਾਣੀਆਂ, ਜਠਾਣੀਆਂ ਸੰਬੰਧੀ )

ਪੰਜਾਬ ਦੀ ਧਰਤੀ ਦੀਆਂ ਇਹਨਾਂ ਲੋਕ-ਗੀਤ ਰਚਣਹਾਰੀਆਂ ਸਵਾਣੀਆਂ ਨੇ ਆਪਣੇ ਜੀਵਨ ਦੇ ਨਿੱਕੇ-ਨਿੱਕੇ ਪ੍ਰਤਿਕਰਮਾਂ ਤੇ ਹੁਗਾਰਿਆਂ ਨੂੰ ਲੋਕ-ਗੀਤਾਂ ਨਾਲ ਇਸ ਤਰ੍ਹਾਂ ਜੋੜ ਦਿੱਤਾ ਹੈ ਕਿ ਲੋਕ ਸੱਭਿਆਚਾਰ ਤੇ ਲੋਕ-ਗੀਤ ਇੱਕ-ਮਿੱਕ ਹੋ ਗਏ ਪ੍ਰਤੀਤ ਹੁੰਦੇ ਹਨ। ਲੋਕ ਸੱਭਿਆਚਾਰ ਦੀ ਰਾਂਗਲੀ ਫੁਲਕਾਰੀ ਦੀਆਂ ਝਲਕਾਂ ਇਹਨਾਂ ਵਿੱਚੋਂ ਥਾਂ-ਥਾਂ ਤੇ ਖਿੰਡੀਆਂ ਵੇਖੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਕਿੱਧਰੇ ਚਰਖੇ ਹਲਾਂ ਲਾਗੇ ਲਿਜਾਏ ਜਾਂਦੇ ਹਨ, ਕਿੱਧਰੇ ਮਾਵਾਂ ਪੁੱਤਰਾਂ ਦੀਆਂ ਦੁਆਵਾਂ ਕਰਦੀਆਂ ਹਨ, ਕਿਧਰੇ ਨਾਰਾਂ ਕੰਤਾਂ ਦੀ ਸਲਾਮਤੀ ਚਾਹੁੰਦੀਆਂ ਹਨ, ਕਿਧਰੇ ਦਿਓਰ ਭਰਜਾਈਆਂ ਦੇ ਝੇੜੇ ਹਨ, ਕਿੱਧਰੇ ਹੱਥ ਪੂਣੀਆਂ ਢਾਂਕ ਤੇ ਚਰਖਾ ਹੈ, ਕਿੱਧਰੇ ਨਾਇਣ ਮੀਢੀਆਂ ਗੁੰਦ ਕੇ ਡਾਕ ਬੰਗਲਾ ਬਣਾਉਂਦੀ ਹੈ, ਕਿਧਰੇ ਉੱਚੀਆਂ ਲੰਮੀਆਂ ਟਾਹਲੀਆਂ ਤੇ ਗੁਜਰੀ ਦੀ ਪੀਂਘ ਪੈਂਦੀ ਹੈ, ਕਿਧਰੇ ਬਾਬਲ ਦੇ ਮਹਿਲਾਂ ਵਿੱਚ ਸੱਤ ਰੰਗੀਆ ਕਬੂਤਰ ਬੋਲਦਾ ਹੈ। ਕਿੱਧਰੇ ਕਾਂ ਦੇ ਹੱਥ ਵੀਰਾਂ ਨੂੰ ਸੁਨੇਹਾਂ ਭੇਜਿਆ ਜਾਂਦਾ ਹੈ, ਕਿੱਧਰੇ ਵੀਰ ਨੀਲਾ ਘੋੜਾ ਬੀੜ ਕੇ ਆਉਂਦਾ ਹੈ, ਕਿੱਧਰੇ ਵੀਰ ਦੀ ਕੁਰਸੀ ਥਾਣੇਦਾਰ ਦੇ ਬਰਾਬਰ ਡਹਿੰਦੀ ਹੈ। ਕਿਧਰੇ ਵੀਰ ਰੁੱਸੀ ਭੈਣ ਨੂੰ ਮਨਾਉਂਦਾ ਹੈ, ਕਿਧਰੇ ਚੰਦਰੀ ਸੱਸ ਵੀਰ ਨੂੰ ਸੁੱਕੀ ਖੰਡ ਪਾਉਂਦੀ ਹੈ। ਇਸ ਤਰ੍ਹਾਂ ਪੰਜਾਬੀ ਲੋਕ-ਗੀਤਾਂ ਵਿੱਚ ਥਾਂ-ਪਰ-ਥਾਂ ਪੰਜਾਬ ਦੀ ਮਿੱਟੀ ਦੀ ਮਹਿਕ ਖਿੰਡਰੀ ਨਜ਼ਰ ਆਉਂਦੀ ਹੈ।

    ਅੱਜ ਇਸ ਪ੍ਰਕਾਰ ਦੀ ਰਾਂਗਲੀ ਝਾਕੀ ਪੇਸ਼ ਕਰਨ ਵਾਲੇ ਲੋਕ-ਗੀਤਾਂ ਦੇ ਸ੍ਰੋਤ ਹੌਲੀ-ਹੌਲੀ ਖੁਰਦੇ ਜਾ ਰਹੇ ਹਨ। ਸਾਡੇ ਲੋਕ-ਗੀਤਾਂ ਦੇ ਰਚਣਹਾਰੇ ਤੇ ਬੋਲਣਹਾਰੇ ਕਿਰਮਣ ਕਿਰਮਣ ਸਾਡੇ ਪਾਸੋਂ ਕਿਰਦੇ ਜਾ ਰਹੇ ਹਨ ਤੇ ਸਾਡੀ ਝੋਲ, ਸਾਡੇ ਆਪਣੇ, ਸਾਡੀ ਧਰਤੀ ਦੇ ਲੋਕਾਂ ਦੇ ਇਹਨਾਂ ਗੀਤਾਂ ਖੁਣੋਂ ਸੱਖਣੀ ਹੁੰਦੀ ਜਾ ਰਹੀ ਹੈ। ਜਦ ਸਾਡੀ ਮਾਂ-ਧਰਤੀ ਵਿੱਚੋਂ ਉਪਜੇ ਇਹ ਸੁੱਚੇ ਗੀਤ ਹੀ ਸਾਡੇ ਪਾਸ ਨਹੀਂ ਰਹਿਣਗੇ ਤਾਂ ਅਸੀਂ ਇਹਨਾਂ ਵਿੱਚ ਪੇਸ਼ ਹੋਣ ਵਾਲੀਆਂ ਪੰਜਾਬੀ ਜਨ-ਜੀਵਨ ਤੇ ਵਰਤਾਰੇ ਦੀਆਂ ਸਚਿਆਰੀਆਂ ਕਦਰਾਂ-ਕੀਮਤਾਂ ਕਿਵੇਂ ਬਰਕਰਾਰ ਰੱਖ ਸਕਾਂਗੇ। ਲੋਕ ਵਿਰਸੇ ਤੇ ਖਾਸ ਕਰਕੇ ਲੋਕ-ਗੀਤਾਂ ਦੀ ਸਾਂਭ-ਸੰਭਾਲ ਕਰਨ, ਉਹਨਾਂ ਦੇ ਸਾਰਥਕ ਪੱਖਾਂ ਦਾ ਮੁਲਾਂਕਣ ਕਰਨ ਤੇ ਉਸ ਨੂੰ ਵਰਤਮਾਨ ਨਾਲ ਜੋੜਨ ਦੀ ਜਿੰਨੀ ਲੋੜ ਅੱਜ ਮਹਿਸੂਸ ਕੀਤੀ ਜਾ ਰਹੀ ਹੈ, ਸ਼ਾਇਦ ਪਹਿਲਾਂ ਕਦੇ ਨਹੀਂ ਸੀ ਕੀਤੀ ਗਈ। ਪੰਜਾਬੀ ਲੋਕ-ਗੀਤਾਂ ਦੇ ਸੋਮਿਆ ਨਾਲ ਸਾਂਝ ਪੈਦਾ ਕਰਨ ਦੇ ਸੰਬੰਧ ਵਿੱਚ ਪੰਜਾਬੀ ਦੇ ਸਾਹਿਤ ਰਿਸ਼ੀ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਇਹ ਸਤਰਾਂ ਬਹੁਤ ਮੁੱਲਵਾਨ ਪ੍ਰਤੀਤ ਹੁੰਦੀਆਂ ਹਨ:
    ਜੇ ਕਦੇ ਫੇਰ ਸਾਡੀ ਆਪਣੀ ਜ਼ਿੰਦਗੀ ਵਿੱਚ ਰੂਹ ਨੇ ਰੁਮਕਣਾ ਹੈ, ਤਾਂ ਉਸ ਲਈ ਪੁਰਾਣੀ ਲਾਗ ਨੂੰ ਕਾਇਮ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਗੀਤ-ਭੰਡਾਰ ਨੂੰ ਸਾਂਭ ਲਈਏ। ਇਹ ਗੀਤ ਹੌਲੀ ਹੌਲੀ ਸਾਡੀ ਯਾਦੋਂ ਲਹਿ ਰਹੇ ਹਨ। ਜੇਕਰ ਕੁਝ ਚਿਰ ਹੋਰ ਸਾਰ ਨਾ ਲਈ ਤਾਂ ਇਹ ਮੂਲੋਂ ਹੀ ਦੁਰਲੱਭ ਹੋ ਜਾਣਗੇ, ਫਿਰ ਅਸੀਂ ਟੈਕਸਲਾ, ਤੇ ਮੋਹਿੰਜੋਦੜੋ ਦੇ ਥੇਹਾਂ ਵਾਕਰ ਇਨ੍ਹਾਂ ਗੀਤਾਂ ਦੀਆਂ ਟੁੱਟੀਆਂ ਫੁੱਟੀਆਂ ਤੁਕਾਂ ਨੂੰ ਹੀ ਸਹਿਕਦੇ ਫਿਰਾਂਗੇ.
ਪੰਜਾਬ ਦੇ ਲੋਕ ਗੀਤਾਂ ਦੀ ਖੁਸ਼ਬੂ ...